ਅੱਜਕਲ ਦੇ ਦੌਰ ਵਿੱਚ ਸੋਸ਼ਲ ਮੀਡੀਆ ਲੋਕਾਂ ਲਈ ਇਕ ਅਜਿਹੀ ਜਗ੍ਹਾ ਹੈ ਜਿਥੇ ਉਹ ਆਪਣੇ ਚੰਗੇ ਮਾੜੇ ਵਿਚਾਰ ਖੁੱਲ ਕੇ ਰੱਖਣ ਲਈ ਆਜ਼ਾਦ ਹਨ । ਜਿਥੇ ਸੋਸ਼ਲ ਮੀਡੀਆ ਲੋਕਾਂ ਲਈ ਇੱਕ ਮਨੋਰੰਜਨ ਦਾ ਸਾਧਨ ਹੈ ਓਥੇ ਹੀ ਕਈ ਲੋਕਾਂ ਦੇ ਮਜ਼ਾਕ ਬਣਾਉਣ ਦਾ ਜਰੀਆ ਵੀ ਬਣਿਆ ਹੋਇਆ ਹੈ । ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਸੋਸ਼ਲ ਮੀਡੀਆ ਉਤੇ ਕਈ ਗਾਇਕਾਂ ਦੇ ਇੱਕ ਦੂਜੇ ਪ੍ਰਤੀ ਖਾਰ ਦੇ ਚਰਚੇ ਆਮ ਨੇ ਜਿਹਨਾਂ ਨੂੰ ਤੁਸੀਂ ਬਾਖੂਬੀ ਜਾਣਦੇ ਹੋ । ਇਹ ਓਹਨਾ ਦੇ ਨਿੱਜੀ ਮਸਲੇ ਹਨ ਜਾ ਫੇਮ ਲੈਣ ਲਈ ਪਬਲੀਸਿਟੀ ਸਟੰਟ ਹਨ ਇਹ ਤਾਂ ਉਹ ਜਾਣਦੇ ਨੇ ਜਾਂ ਫਿਰ ਰੱਬ ਜਾਣਦਾ ਹੈ । ਇਸੇ ਤਰ੍ਹਾਂ ਹੀ ਸੋਸ਼ਲ ਮੀਡੀਆ ਤੇ ਇੱਕ ਹੋਰ ਮਸਲਾ ਭਖਿਆ ਹੋਇਆ ਹੈ ਜੋ ਕਿ ਗਾਇਕਾਂ ਵਿੱਚ ਨਹੀਂ ਬਲਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੀਆਂ ਅਦਾਕਾਰਾਂ ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਕੌਰ ਗਿੱਲ ਵਿਚਕਾਰ ਚੱਲ ਰਿਹਾ ਹੈ ।
ਪੰਜਾਬੀ ਗਾਣਿਆਂ ਦੀ ਮਾਡਲ ਤੋਂ ਗਾਇਕੀ ਵਿੱਚ ਕਦਮ ਰੱਖਣ ਵਾਲੀ ਹਿਮਾਂਸ਼ੀ ਖੁਰਾਣਾ ਨੂੰ ਕੌਣ ਨਹੀਂ ਜਾਣਦਾ । ਓਹਨਾ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਈ ਹੈ । ਇਸ ਗੱਲ ਦਾ ਸਬੂਤ ਓਹਨਾ ਦੇ ਫੇਸਬੁੱਕ ਤੇ ਇੰਸਟਾਗ੍ਰਾਮ ਅਕਾਊਂਟ ਦਿੰਦੇ ਨੇ । ਹਿਮਾਂਸ਼ੀ ਦੇ ਫੇਸਬੁੱਕ ਪੇਜ ਤੇ 1।2 ਮਿਲੀਅਨ ਤੋਂ ਜਿਆਦਾ ਲਾਇਕ ਤੇ ਇੰਸਟਾਗ੍ਰਾਮ ਤੇ 2।8 ਮਿਲੀਅਨ ਤੋਂ ਜਿਆਦਾ ਫੋਲੋਅਰਸ ਨੇ ।
ਦੂਜੇ ਪਾਸੇ ਜੇ ਗੱਲ ਕਰੀਏ ਸ਼ਹਿਨਾਜ਼ ਕੌਰ ਗਿੱਲ ਦੀ ਤਾਂ ਓਹਨਾ ਨੇ ਕੁਝ ਹੀ ਸਮੇਂ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਅਲੱਗ ਪਹਿਚਾਣ ਬਣਾਈ । ਗਾਣਿਆਂ ਦੇ ਨਾਲ ਨਾਲ ਹੁਣ ਉਹ ਫ਼ਿਲਮ ‘ ਕਾਲਾ ਸ਼ਾਹ ਕਾਲਾ ‘ ਦੇ ਰਾਹੀਂ ਫ਼ਿਲਮੀ ਦੁਨੀਆ ਵਿੱਚ ਵੀ ਕਦਮ ਰੱਖਣ ਜਾ ਰਹੇ ਨੇ । ਆਉਣ ਵਾਲੇ ਸਮੇਂ ਵਿੱਚ ਸ਼ਹਿਨਾਜ਼ ਗਿੱਲ ਨੂੰ ਗਾਇਕਾਂ ਦੇ ਰੂਪ ਵਿੱਚ ਵੀ ਦੇਖਿਆ ਜਾਵੇਗਾ ।
ਹੁਣ ਗੱਲ ਕਰ ਲੈਣੇ ਹਾਂ ਇਸ ਗਰਮ ਮੁੱਦੇ ਦੀ ਜਿਸ ਦੀ ਸ਼ੁਰੂਆਤ ਕੀਤੀ ਤਾਂ ਸ਼ਹਿਨਾਜ਼ ਗਿੱਲ ਨੇ ਹੈ ਪਰ ਓਹਨਾ ਦਾ ਕਹਿਣਾ ਇਹ ਹੈ ਕਿ ਹਿਮਾਂਸ਼ੀ ਖੁਰਾਣਾ ਮੇਰੇ ਕੰਮ ਤੋਂ ਛਿੜਦੀ ਹੈ ਤੇ ਮੇਰਾ ਐਲੀ ਮਾਂਗਟ ਨਾਲ ਤੇ ਹਿਮਾਂਸ਼ੀ ਦੇ ਕੁਝ ਨੇੜਲੇ ਬੰਦਿਆ ਨਾਲ ਕੰਮ ਕਰਨਾ ਰਾਸ ਨਹੀਂ ਆ ਰਿਹਾ । ਸ਼ਾਇਦ ਐਸੇ ਗੱਲ ਦਾ ਗੁੱਸਾ ਕੱਢਣ ਲਈ ਸ਼ਹਿਨਾਜ਼ ਨੇ ਹਿਮਾਂਸ਼ੀ ਦੇ ਗਾਣੇ ‘ ਆਈ ਲਾਇਕ ਇੱਟ ‘ ਨੂੰ ਫਲਾਪ ਕਿਹਾ ਤੇ ਜੱਟ ਬੀ ਲਾਇਕ ਪੇਜ ਨਾਲ ਲਾਇਵ ਹੋ ਕੇ ਹਿਮਾਂਸ਼ੀ ਖੁਰਾਣਾ ਦਾ ਮਜ਼ਾਕ ਬਣਾਇਆ । ਜਿਸ ਤੋਂ ਭੜਕੀ ਹਿਮਾਂਸ਼ੀ ਨੇ ਸ਼ਹਿਨਾਜ਼ ਗਿੱਲ ਨੂੰ ਤੇ ਜੱਟ ਬੀ ਲਾਇਕ ਪੇਜ ਵਾਲੇ ਨੂੰ ਖ਼ਰੀਆਂ ਖ਼ਰੀਆਂ ਸੁਣਾਇਆ ਤੇ ਚੈਂਲੇਂਜ ਕੀਤਾ ਸਾਹਮਣੇ ਆਕੇ ਗੱਲ ਕਰਨ ਦਾ । ਇਹ ਮੁੱਦਾ ਇਹਨਾਂ ਭੜਕ ਗਿਆ ਕਿ ਲਾਇਵ ਹੋ ਕੇ ਇੱਕ ਦੂਜੇ ਤੇ ਇਲਜ਼ਾਮ ਲਾਉਣ ਦਾ ਸਿਲਸਲਾ ਹਜੇ ਤੱਕ ਜਾਰੀ ਹੈ ।
ਜਿਥੇ ਇਸ ਮੁੱਦੇ ਉਤੇ ਪੰਜਾਬੀ ਇੰਡਸਟਰੀ ਦੇ ਸਟਾਰ ਕਲਾਕਾਰ ਸ਼ੈਰੀ ਮਾਨ ਟ੍ਰੋਲ ਕਰਦੇ ਹੋਏ ਨਜ਼ਰ ਆਏ ਓਥੇ ਹੀ ਪੰਜਾਬੀ ਸਿੰਗਰ ਗੀਤਾ ਜ਼ੈਲਦਾਰ ਹਿਮਾਂਸ਼ੀ ਦੇ ਪੱਖ ਵਿੱਚ ਖੜੇ । ਇਥੇ ਤੁਹਾਨੂੰ ਇਹ ਵੀ ਦਸ ਦਈਏ ਕਿ ਕੁਝ ਸਮਾਂ ਪਹਿਲਾਂ ਸ਼ਹਿਨਾਜ਼ ਗਿੱਲ ਨੇ ਗੀਤਾ ਜ਼ੈਲਦਾਰ ਦੇ ਇੱਕ ਗਾਣੇ ਤੇ ਕੰਟਰੋਵਰਸੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਤੇ ਉਹ ਚੁੱਪ ਰਹੇ ਸਨ । ਇਸ ਮੁੱਦੇ ਤੇ ਜੱਸੀ ਗਿੱਲ ਨੇ ਵੀ ਇੱਕ ਇੰਟਰਵਿਊ ਵਿੱਚ ਗੱਲ ਕਰਦਿਆਂ ਕਿਹਾ ਕਿ ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਗਿੱਲ ਨੂੰ ਸੋਸ਼ਲ ਮੀਡੀਆ ਤੇ ਲਾਇਵ ਹੋ ਕੇ ਇੱਕ ਦੂਜੇ ਨੂੰ ਭੰਢਣ ਦੀ ਜਗ੍ਹਾ ਆਪਣੀ ਲੜਾਈ ਇੱਕ ਜਗ੍ਹਾ ਬੈਠ ਕੇ ਸੁਲਝਾ ਲੈਣੀ ਚਾਹੀਦੀ ਹੈ ।
ਇਸ ਮੁੱਦੇ ਨੇ ਇੱਕ ਨਵਾਂ ਮੋੜ ਲਿਆ ਹੈ ਜਿਸ ਨੂੰ ਲੋਕੀ ਪਸੰਦ ਕਰ ਰਹੇ ਨੇ ਅਤੇ ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਗਿੱਲ ਇਕ ਦੂਜੇ ਪ੍ਰਤੀ ਆਪਣੀ ਭੜਾਸ ਵੀ ਕੱਢ ਰਹੀਆਂ ਨੇ । ਪਿਛਲੇ ਦਿਨੀ ਹਿਮਾਂਸ਼ੀ ਨੇ ਆਪਣੇ ਯੂ ਟਿਊਬ ਚੈਨਲ ਤੇ ‘ ਅੱਗ ਬਹੁਤ ਏ ‘ ਗਾਣਾ ਰਿਲੀਜ਼ ਕੀਤਾ ਜਿਸ ਰਾਹੀਂ ਹਿਮਾਂਸ਼ੀ ਨੇ ਸ਼ਹਿਨਾਜ਼ ਪ੍ਰਤੀ ਭੜਾਸ ਕੱਢੀ । ਇਸ ਗਾਣੇ ਨੂੰ ਦਰਸ਼ਕ ਕਾਫੀ ਪਿਆਰ ਦੇ ਰਹੇ ਹਨ ।
ਗੱਲ ਏਥੇ ਹੀ ਖਤਮ ਨਹੀਂ ਹੋਈ, ਹਿਮਾਂਸ਼ੀ ਦੇ ਗਾਣੇ ਤੋਂ 2 ਦਿਨ ਬਾਅਦ ਸ਼ਹਿਨਾਜ਼ ਕੌਰ ਗਿੱਲ ਨੇ ਆਪਣਾ ਗਾਣਾ ‘ ਆਂਟੀ ਆਂਟੀ ‘ ਰਿਲੀਜ਼ ਕਰਕੇ ਹਿਮਾਂਸ਼ੀ ਨੂੰ ਮੋੜਵਾਂ ਜਵਾਬ ਦਿੱਤਾ । ਦਰਸ਼ਕਾਂ ਨੂੰ ਇਹ ਗਾਣਾ ਕੁਝ ਜਿਆਦਾ ਪਸੰਦ ਨਹੀਂ ਆਇਆ ਪਰ ਸ਼ਹਿਨਾਜ਼ ਨੇ ਹਿਮਾਂਸ਼ੀ ਪ੍ਰਤੀ ਆਪਣੀ ਭੜਾਸ ਖੁੱਲ ਕੇ ਕੱਢੀ ਇਸ ਗਾਣੇ ਰਾਹੀਂ ।
ਇਸ ਮੁੱਦੇ ਨੇ ਦਰਸ਼ਕਾਂ ਨੂੰ 2 ਗਾਣੇ ਤਾਂ ਦਿੱਤੇ ਹੀ ਨੇ ਪਰ ਨਾਲ ਨਾਲ ਪੰਜਾਬੀ ਇੰਡਸਟਰੀ ਤੇ ਇੱਕ ਬੁਰਾ ਪ੍ਰਭਾਵ ਵੀ ਪਾਇਆ ਹੈ ਜਿਸ ਕਾਰਣ ਇੰਡਸਟਰੀ ਵਿੱਚ ਆਉਣ ਵਾਲੇ ਨਵੇਂ ਕਲਾਕਾਰਾਂ ਤੇ ਮਾਡਲਸ ਲਈ ਮੁਸ਼ਕਿਲਾਂ ਖੜੀਆਂ ਕਰ ਦਿੱਤੀਆਂ ਹਨ । ਇਥੇ ਅਸੀਂ ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਗਿੱਲ ਨੂੰ ਇਹ ਹੀ ਸਲਾਹ ਦੇਵਾਗੇ ਕਿ ਉਹ ਆਪਣੇ ਇਸ ਮੁੱਦੇ ਨੂੰ ਏਥੇ ਹੀ ਖਤਮ ਕਰ ਦੇਣ ਜਾਂ ਫਿਰ ਬੈਠਕੇ ਇਸ ਮੁੱਦੇ ਨੂੰ ਨਿਵੇੜ ਲੈਣ ਤਾਂ ਜੋ ਸੋਸ਼ਲ ਮੀਡੀਆ ਵਰਤ ਰਹੇ ਨੌਜਵਾਨ ਤੇ ਬੱਚਿਆਂ ਤੇ ਕੋਈ ਬੁਰਾ ਪ੍ਰਭਾਵ ਨਾ ਪਵੇ ।