ਆਪਣਾ ਪਾਲੀਵੁੱਡ (ਐੱਚ ਐੱਸ ਧਾਲੀਵਾਲ) ਪੰਜਾਬੀ ਇੰਡਸਟਰੀ ਹਰ ਦਿਨ ਅੱਗੇ ਵੱਧਦੀ ਨਜ਼ਰ ਆ ਰਹੀ ਹੈ । ਇਕ ਸਮਾਂ ਸੀ ਜਦੋ ਪੰਜਾਬੀ ਕਲਾਕਾਰਾਂ ਨੂੰ ਆਪਣੇ ਗਾਣੇ ਰਿਲੀਜ਼ ਕਰਨ ਲਈ ਕੋਈ ਵੀ ਮਿਊਜ਼ਿਕ ਲੇਬਲ ਹੱਥ ਨਹੀਂ ਫੜਾਉਂਦਾ ਸੀ । ਉਸੇ ਸਮੇਂ ਤੋਂ ਪੰਜਾਬੀ ਕਲਾਕਾਰਾਂ ਵਿੱਚ ਇਕ ਦੌੜ ਜਿਹੀ ਲੱਗ ਗਈ ਸੀ ਆਪਣੇ ਖੁਦ ਦੇ ਮਿਊਜ਼ਿਕ ਲੇਬਲ ਬਣਾਉਣ ਦੀ ਅਤੇ ਇਹ ਗੱਲ ਹੁਣ ਆਮ ਹੋ ਗਈ ਹੈ । ਇਸੇ ਰੁਝਾਨ ਨੂੰ ਬਰਕਰਾਰ ਰੱਖਦੇ ਹੋਏ ਨਿਮਰਤ ਖਹਿਰਾ ਨੇ ਸੋਸ਼ਲ ਮੀਡੀਆ ਤੇ ਇਹ ਜਾਣਕਾਰੀ ਸਾਂਝੀ ਕੀਤੀ ਕਿ ਉਹਨਾਂ ਦੀ ਟੀਮ ਨਵਾਂ ਮਿਊਜ਼ਿਕ ਲੇਬਲ ਬਣਾਉਣ ਜਾ ਰਹੀ ਹੈ ਜਿਸਦਾ ਨਾਮ ਹੈ ‘ਬ੍ਰਾਊਨ ਸਟੂਡੀਓਜ’ । ਇਸ ਮਿਊਜ਼ਿਕ ਲੇਬਲ ਦਾ ਪਹਿਲਾ ਗਾਣਾ ‘ਸੱਚਾ ਝੂਠਾ’ ਨਿਮਰਤ ਦੀ ਅਵਾਜ ਚ ਰਿਲੀਜ਼ ਕਰ ਦਿੱਤਾ ਗਿਆ ਹੈ ਤੇ ਨਿਮਰਤ ਦੇ ਸਾਰੇ ਗਾਣੇ ਬ੍ਰਾਊਨ ਸਟੂਡੀਓਜ ਤੇ ਹੀ ਆਇਆ ਕਰਨਗੇ ।
ਮਿੱਠੀ ਅਤੇ ਸੁਰੀਲੀ ਆਵਾਜ਼ ਦੀ ਮਾਲਕਣ ਨਿਮਰਤ ਖਹਿਰਾ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਨੂੰ ਖੁਸ਼ ਕਰਦੇ ਆ ਰਹੇ ਹਨ । ਇਹਨਾਂ ਦੀ ਸ਼ਖਸ਼ੀਅਤ ਇਹਨਾਂ ਦੇ ਗਾਉਣ ਦੇ ਢੰਗ ਤੋਂ ਹੀ ਜਾਹਿਰ ਹੋ ਜਾਂਦੀ ਹੈ । ਗਾਣਿਆਂ ਤੋਂ ਇਲਾਵਾ ਇਹਨਾਂ ਨੇ ਫ਼ਿਲਮਾਂ ਚ ਵੀ ਆਪਣੇ ਆਪ ਨੂੰ ਸਾਬਿਤ ਕੀਤਾ ਹੈ । ਲਾਹੌਰੀਏ ਫ਼ਿਲਮ ਵਿਚ ਨਿਮਰਤ ਦੀ ਐਕਟਿੰਗ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ । ਉਸ ਤੋਂ ਬਾਅਦ ਉਹ ਤਰਸੇਮ ਜੱਸੜ ਦੀ ਫ਼ਿਲਮ ਅਫ਼ਸਰ ਵਿਚ ਨਜ਼ਰ ਆਏ ।
ਨਿਮਰਤ ਖਹਿਰਾ ਨੇ ਸ਼ੋਸ਼ਲ ਮੀਡੀਆ ਤੇ ਆਪਣੇ ਨਵੇਂ ਗਾਣੇ ‘ਸੱਚਾ ਝੂਠਾ’ ਦਾ ਪੋਸਟਰ ਜਾਰੀ ਕਰਕੇ ਆਪਣੇ ਮਿਊਜ਼ਿਕ ਲੇਬਲ ‘ਬ੍ਰਾਉਨ ਸਟੂਡੀਓਜ’ ਬਾਰੇ ਜਾਣਕਾਰੀ ਸਾਂਝੀ ਕੀਤੀ । ਇਹ ਗਾਣਾ ‘ਬ੍ਰਾਊਨ ਸਟੂਡੀਓਜ’ ਦੇ ਚੈਨਲ ਨੂੰ ਸ਼ੁਰੂ ਕਰਨ ਲਈ ਰਿਲੀਜ਼ ਕੀਤਾ ਗਿਆ, ਫਿਲਹਾਲ ਇਸ ਗਾਣੇ ਦਾ ਵੀਡੀਓ ਨਹੀਂ ਆਇਆ ਪਰ ‘ਬ੍ਰਾਉਨ ਸਟੂਡੀਓਜ’ ਦਾ ਅਗਲਾ ਗਾਣਾ ਵੀਡੀਓ ਨਾਲ ਐਸੇ ਹਫ਼ਤੇ ਰੀਲੀਜ਼ ਕਰ ਦਿੱਤਾ ਜਾਏਗਾ । ‘ਸੱਚਾ ਝੂਠਾ’ ਗਾਣੇ ਦੀ ਗੱਲ ਕਰੀਏ ਤਾਂ ਇਸ ਦੇ ਬੋਲ ਸ਼ਾਹ ਅਲੀ ਦੁਆਰਾ ਲਿਖੇ ਗਏ ਨੇ, ਸੰਗੀਤ ‘ ਹੁੰਦਲ ਓਨ ਦਾ ਬੀਟ ਯੋ ‘ ਪ੍ਰੀਤ ਹੁੰਦਲ ਦੁਆਰਾ ਦਿੱਤਾ ਗਿਆ ਹੈ । ਵੈਸੇ ਗਾਣੇ ਦੇ ਸਿਰਲੇਖ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਗਾਣਾ ਪਿਆਰ ਵਿਚ ਮਿਲੇ ਧੋਖੇ ਨੂੰ ਬਿਆਨ ਕਰਦਾ ਹੈ । ਨਿਮਰਤ ਨੇ ਇਸ ਗਾਣੇ ਨੂੰ ਆਪਣੀ ਮਿੱਠੀ ਅਵਾਜ਼ ਵਿਚ ਪੂਰੀ ਭਾਵੁਕਤਾ ਨਾਲ ਪਰੋਇਆ ਹੈ । ਗਾਣੇ ਦੀ ਵੀਡੀਓ ਰਿਲੀਜ਼ ਨਹੀਂ ਕੀਤੀ ਗਈ ਪਰ ਫਿਰ ਵੀ ਦਰਸ਼ਕ ਇਸ ਗਾਣੇ ਨੂੰ ਬਹੁਤ ਪਿਆਰ ਦੇ ਰਹੇ ਹਨ । ਨਿਮਰਤ ਦੇ ਫੈਨਜ਼ ਇਸ ਗਾਣੇ ਦੀ ਵੀਡੀਓ ਦੇ ਇੰਤਜਾਰ ‘ਚ ਨੇ, ਉਮੀਦ ਕਰਦੇ ਹਾਂ ਕਿ ਇਸ ਗਾਣੇ ਦੀ ਵੀਡੀਓ ਵੀ ਜਲਦ ਦੇਖਣ ਨੂੰ ਮਿਲੇਗੀ ।