Home Reviews ‘ ਭੱਜੋ ਵੀਰੋ ਵੇ ‘ ਫ਼ਿਲਮ ਦਰਸ਼ਕਾਂ ਦੀਆ ਉਮੀਦਾ ਤੇ ਖ਼ਰੀ ਉਤਰੀ ।

‘ ਭੱਜੋ ਵੀਰੋ ਵੇ ‘ ਫ਼ਿਲਮ ਦਰਸ਼ਕਾਂ ਦੀਆ ਉਮੀਦਾ ਤੇ ਖ਼ਰੀ ਉਤਰੀ ।

by Amandeep Singh
bhajjo veero ve punjabi review
ਆਪਣਾ ਪਾਲੀਵੁੱਡ (ਐੱਚ ਐੱਸ ਧਾਲੀਵਾਲ) ਰਿਦਮ ਬੁਆਏਜ਼ ਇੰਟਰਟੇਨਮੈਂਟ ਹਰ ਸਾਲ ਇਕ ਹਿੱਟ ਫ਼ਿਲਮ ਦਰਸ਼ਕਾਂ ਦੀ ਝੋਲੀ ਪਾਉਂਦੇ ਹਨ । ਇਹਨਾਂ ਨੇ ਸਾਫ ਸੁਥਰੀਆਂ ਤੇ ਪਰਿਵਾਰਕ ਫ਼ਿਲਮ ਨੂੰ ਹਮੇਸ਼ਾ ਪਹਿਲ ਦਿੱਤੀ ਹੈ। ਇਸ ਸਾਲ ਰਿਦਮ ਬੁਆਏਜ਼ ਇੰਟਰਟੇਨਮੈਂਟ ਨੇ ਇੰਡਸਟਰੀ ਦੇ ਝੋਲੀ ਦੋ  ਫ਼ਿਲਮਾਂ ਪਾਈਆਂ, ਜਿਹਨਾਂ ਵਿੱਚੋਂ ਅਸ਼ਕੇ 27 ਜੁਲਾਈ ਨੂੰ ਰਿਲੀਜ ਹੋਈ ਸੀ ਜੋ ਕਿ ਦਰਸ਼ਕਾਂ ਲਈ ਇਕ ਸਰਪ੍ਰਾਇਸ ਫ਼ਿਲਮ ਸੀ । ਦੂਜੀ ਫ਼ਿਲਮ ਜਿਸ ਦਾ ਨਾਮ ਹੈ ‘ ਭੱਜੋ ਵੀਰੋ ਵੇ ‘, ਜੋ ਕਿ 15 ਦਸੰਬਰ 2018 ਨੂੰ ਰਿਲੀਜ ਕੀਤੀ ਗਈ । ਇਹ ਫ਼ਿਲਮ ਪਹਿਲਾਂ 14 ਦਸੰਬਰ 2018 ਨੂੰ ਰਿਲੀਜ ਹੋਣੀ ਸੀ ਪਰ ਕਿਸੇ ਤਕਨੀਕੀ ਕਾਰਨ ਕਰਕੇ ਇਸ ਫ਼ਿਲਮ ਇਕ ਦਿਨ ਬਾਅਦ 15 ਦਸੰਬਰ 2018 ਨੂੰ ਰਿਲੀਜ ਕੀਤਾ ਗਿਆ ।
‘ ਭੱਜੋ ਵੀਰੋ ਵੇ ‘ ਫ਼ਿਲਮ ਵਿੱਚ ਅੰਬਰਦੀਪ ਸਿੰਘ ਮੁੱਖ ਕਿਰਦਾਰ ਵਜੋਂ ਭੂਮਿਕਾ ਨਿਭਾ ਰਹੇ ਨੇ ਜਿਹਨਾ ਦਾ ਸਾਥ ਦੇ ਰਹੇ ਨੇ ਸਿਮੀ ਚਾਹਲ । ਇਸ ਫ਼ਿਲਮ ਦੀ ਕਹਾਣੀ ਅੰਬਰਦੀਪ ਦੁਆਰਾ ਹੀ ਲਿਖੀ ਗਈ ਹੈ ਤੇ ਇਸ ਨੂੰ ਡਾਇਰੈਕਟ ਵੀ ਓਹਨਾ ਦੁਆਰਾ ਹੀ ਕੀਤਾ ਗਿਆ ਹੈ । ਇਸ ਫ਼ਿਲਮ ਦੇ ਨਿਰਮਾਤਾ ਕਾਰਜ ਗਿੱਲ ਅਤੇ ਤਲਵਿੰਦਰ ਹੇਅਰ ਹਨ ਤੇ ਸੰਗੀਤ ਜਤਿੰਦਰ ਸ਼ਾਹ ਵਲੋਂ ਦਿੱਤਾ ਗਿਆ ਹੈ । ਰਿਦਮ ਬੁਆਏਜ਼ ਇੰਟਰਟੇਨਮੈਂਟ ਤੇ ਹੇਅਰ ਓਮਜੀ ਸਟੂਡੀਓ ਵਲੋਂ ਪੇਸ਼ ਕੀਤੀ ਇਸ ਫ਼ਿਲਮ ਵਿੱਚ ਗੱਗੂ ਗਿੱਲ, ਨਿਰਮਲ ਰਿਸ਼ੀ , ਹੋਬੀ ਧਾਲੀਵਾਲ , ਹਰਦੀਪ ਗਿੱਲ , ਯਾਦ ਗਰੇਵਾਲ , ਬਲਵਿੰਦਰ ਬੁਲਟ ਅਤੇ ਸੁਖਵਿੰਦਰ ਰਾਜ ਵੀ ਅਹਿਮ ਭੂਮਿਕਾ ਨਿਭਾ ਰਹੇ ਨੇ ।
ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਸ ਵਿਚ ਚਾਰ ਛੜਿਆ ਦੀ ਜ਼ਿੰਦਗੀ ਨੂੰ ਦਿਖਾਇਆ ਗਿਆ ਹੈ ਜਿਨ੍ਹਾਂ ਵਿੱਚੋ ਅੰਬਰਦੀਪ (ਭੂਰੇ) ਨੂੰ ਸਿਮੀ ਚਾਹਲ (ਸੁਮੀਤ) ਨਾਲ ਪਿਆਰ ਹੋ ਜਾਂਦਾ ਹੈ ਤੇ ਫਿਰ ਕਹਾਣੀ ਦਾ ਰੁਖ ਰਿਸ਼ਤਿਆਂ ਦੀ ਅਹਿਮੀਅਤ ਨੂੰ ਦਰਸਾਉਂਦਾ ਹੈ । ਫ਼ਿਲਮ ਵਿਚਲੇ ਅਦਾਕਾਰਾਂ ਦੀ ਅਦਾਕਾਰੀ ਲਾਜਵਾਬ ਹੈ । ਸਾਰੇ ਹੀ ਅਦਾਕਾਰਾਂ ਨੇ ਆਪਣਾ ਕੰਮ ਬਾਖੂਬੀ ਕੀਤਾ ਪਰ ਜੇ ਗੱਲ ਕਰੀਏ ਮੁੱਖ ਕਿਰਦਾਰ ਨਿਭਾ ਰਹੇ ਅੰਬਰਦੀਪ ਸਿੰਘ ਦੀ ਤਾਂ ਓਹਨਾ ਨੇ ਸਾਰੀ ਫ਼ਿਲਮ ਵਿਚ ਆਪਣੇ ਵਿਲੱਖਣ ਅੰਦਾਜ ਰਾਹੀਂ ਦਰਸ਼ਕਾਂ ਨੂੰ ਬੰਨੀ ਰੱਖਿਆ ਤੇ ਗੁੱਗੂ ਗਿੱਲ ਜਿਸ ਅੰਦਾਜ ਕਰਕੇ ਜਾਣੇ ਜਾਂਦੇ ਹਨ ਉਹੀ ਅੰਦਾਜ ਬਹੁਤ ਸਮੇਂ ਬਾਅਦ ਇਸ ਫ਼ਿਲਮ ਰਾਹੀਂ ਦੇਖਣ ਨੂੰ ਮਿਲਿਆ ਜਿਸ ਨੂੰ ਦੇਖਣਾ ਦਿਲਚਸਪ ਹੈ । ਪਹਿਲੇ ਅੱਧ ਵਿਚ ਦਿਖਾਈ ਛੜਿਆ ਦੀ ਕਹਾਣੀ ਨੂੰ ਤੁਸੀਂ ਕਾਫ਼ੀ ਪਸੰਦ ਕਰੋਗੇ ਤੇ ਦੂਸਰੇ ਅੱਧ ਵਿਚ ਸ਼ੁਰੂ ਹੁੰਦੀ ਹੈ ਮਾਮੇ ਭਾਣਜੇ ਦੀ ਕਹਾਣੀ ਜਿਸ ਵਿਚ ਕਾਮੇਡੀ ਦੇ ਨਾਲ ਨਾਲ ਤੁਹਾਨੂੰ ਇਕ ਵਧੀਆ ਸੁਨੇਹਾ ਵੀ ਮਿਲੇਗਾ ।
ਅੰਬਰਦੀਪ ਦੁਆਰਾ ਲਿਖੀ ਇਸ ਫ਼ਿਲਮ ਦੀ ਕਹਾਣੀ ਦਾ ਕਨਸੈਪਟ ਬਹੁਤ ਵਧੀਆ ਤੇ ਨਵਾਂ ਹੈ । ਉਹਨਾਂ ਨੇ ਕਹਾਣੀ ਨੂੰ ਜਿੰਨੇ ਵਧੀਆ ਤਰੀਕੇ ਨਾਲ ਲਿਖਿਆ ਹੈ ਉਨ੍ਹੇ ਹੀ ਵਧੀਆ ਤਰੀਕੇ ਨਾਲ ਫਿਲਮਾਇਆ ਹੈ । ਫ਼ਿਲਮ ਦੀ ਡਾਇਰੈਕਸ਼ਨ ਤੋਂ ਲੈਕੇ ਸਕ੍ਰੀਨਪਲੇਅ, ਡਾਇਲੋਗ, ਐਡੀਟਿੰਗ ਆਦਿ ਸਭ ਕੁਝ ਸ਼ਾਲਾਂਗਾਯੋਗ ਹੈ । ਫ਼ਿਲਮ ਵਿਚਲੀਆਂ ਜਗਾਵਾਂ ਕਹਾਣੀ ਨਾਲ ਮੇਲ ਖਾਂਦੀਆਂ ਹਨ ਜੋ ਕਿ ਫ਼ਿਲਮ ਦੀ ਖੂਬਸੂਰਤੀ ਨੂੰ ਹੋਰ ਵਧਾਉਂਦੀਆਂ ਹਨ । ਫ਼ਿਲਮ ਦੀ ਖਾਸ ਗੱਲ ਇਹ ਹੈ ਕਿ ਕਹਾਣੀ ਦਰਸ਼ਕਾਂ ਨੂੰ ਆਪਣੇ ਨਾਲ ਬੰਨੀ ਰੱਖਦੀ ਹੈ ਤੇ ਕੀਤੇ ਵੀ ਬੋਰ ਨਹੀਂ ਹੋਣ ਦਿੰਦੀ ।
‘ ਭੱਜੋ ਵੀਰੋ ਵੇ ‘ ਫ਼ਿਲਮ ਦੇ ਸੰਗੀਤ ਦੀ ਗੱਲ ਕਰੀਏ ਤਾਂ ਉਹ ਵੀ ਬਾਕਮਾਲ ਹੈ । ਫ਼ਿਲਮ ਵਿਚਲੇ ਸਾਰੇ ਗਾਣੇ ਹੀ ਸੋਹਣੇ ਨੇ ਜਿਹਨਾਂ ਵਿੱਚੋ ‘ ਕਾਰ ਰੀਬਨਾਂ ਵਾਲੀ ‘ ਗਾਣੇ ਨੂੰ ਦਰਸ਼ਕ ਕਾਫ਼ੀ ਪਿਆਰ ਦੇ ਰਹੇ ਹਨ । ਫ਼ਿਲਮ ਦੇ ਗਾਣਿਆਂ ਨੂੰ ਅਮਰਿੰਦਰ ਗਿੱਲ, ਗੁਰਸ਼ਬਦ, ਸੁਰਿੰਦਰ ਸ਼ਿੰਦਾ, ਬੀਰ ਸਿੰਘ ਤੇ ਗੁਰਪ੍ਰੀਤ ਮਾਨ ਨੇ ਆਪਣੀ ਅਵਾਜ ਦਿੱਤੀ ਹੈ । ਕੁਲ ਮਿਲਾਕੇ ‘ ਭੱਜੋ ਵੀਰੋ ਵੇ ‘ ਇਕ ਪੈਸਾ ਵਸੂਲ ਫ਼ਿਲਮ ਹੈ । ਜੇ ਤੁਸੀਂ ਵੀ ਵਧੀਆ ਕਹਾਣੀ ਤੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਦਰਸਾਉਂਦਾ ਸੁਨੇਹਾ ਲੈਣ ਦੇ ਨਾਲ ਨਾਲ ਹਾਸਿਆਂ ਨਾਲ ਬਰਭੂਰ ਫ਼ਿਲਮ ਦੇਖਣਾ ਚਾਹੁੰਦੇ ਹੋ ਤਾਂ ਇਹ ਫ਼ਿਲਮ ਜਰੂਰ ਦੇਖਣ ਜਾਇਓ । ਇਹ ਸਭ ਕੁਝ ਤੁਹਾਨੂੰ ਇਸ ਫ਼ਿਲਮ ਵਿਚ ਮਿਲੇਗਾ ।

Related Posts

Leave a Comment