ਆਪਣਾ ਪਾਲੀਵੁੱਡ (ਐੱਚ ਐੱਸ ਧਾਲੀਵਾਲ) ਪਾਲੀਵੁੱਡ ਵਿੱਚ ਫ਼ਿਲਮਾਂ ਦੀ ਕਤਾਰ ਬੜੀ ਲੰਬੀ ਲੱਗ ਚੁੱਕੀ ਹੈ। ਜਿੱਥੇ ਕਤਾਰ ਵਿੱਚ ਇੱਕ ਫ਼ਿਲਮ ਨੂੰ ਰਿਲੀਜ਼ ਕੀਤਾ ਜਾਂਦਾ ਹੈ ਉੱਥੇ ਹੀ ਇੱਕ ਨਵੀਂ ਫ਼ਿਲਮ ਦਾ ਆਰੰਭ ਕਰ ਦਿੱਤਾ ਜਾਂਦਾ ਹੈ। ਇਸ ਨੂੰ ਆਪਾਂ ਪੰਜਾਬੀ ਫ਼ਿਲਮ ਇੰਡਸਟਰੀ ਦੀ ਕਾਮਯਾਬੀ ਹੀ ਕਹਿ ਸਕਦੇ ਹਾਂ ਕਿ ਆਏ ਦਿਨ ਕਿਸੇ ਨਾ ਕਿਸੇ ਫ਼ਿਲਮ ਦੀ ਅਨਾਊਸਮੈਂਟ ਹੋ ਰਹੀ ਹੈ ਤੇ ਦਰਸ਼ਕ ਵੀ ਹਰ ਫ਼ਿਲਮ ਦੇਖਣ ਨੂੰ ਉਤਸ਼ਾਹਿਤ ਰਹਿੰਦੇ ਹਨ। ਇਸੇ ਫ਼ਿਲਮ ਕਤਾਰ ਵਿੱਚੋ ਇੱਕ ਫ਼ਿਲਮ ‘ ਮੁੰਡਾ ਫਰੀਦਕੋਟੀਆ ‘ ਜਿਸ ਦੀ ਪਹਿਲੀ ਝਲਕ ਇਕ ਪੋਸਟਰ ਰਾਹੀਂ ਦੇਖਣ ਨੂੰ ਮਿਲੀ ਜੋ ਕਿ ਕਾਫੀ ਦਿਲਕਸ਼ ਹੈ।
‘ ਮੁੰਡਾ ਫਰੀਦਕੋਟੀਆ ‘ ਵਿਚ ਮੁੱਖ ਕਿਰਦਾਰ ਨਿਭਾਉਣਗੇ ਗਾਇਕ, ਅਦਾਕਾਰ ਰੌਸ਼ਨ ਪ੍ਰਿੰਸ ਤੇ ਸ਼ਰਨ ਕੌਰ। ਫ਼ਿਲਮ ਵਿਚ ਇਹਨਾਂ ਦਾ ਸਾਥ ਦਿੰਦੇ ਨਜ਼ਰ ਆਉਣਗੇ ਕਰਮਜੀਤ ਅਨਮੋਲ,ਬੀ. ਐਨ. ਸ਼ਰਮਾ, ਹੋਬੀ ਧਾਲੀਵਾਲ, ਰੁਪਿੰਦਰ ਰੂਪੀ, ਨਵਪ੍ਰੀਤ ਬੰਗਾ, ਮੁਕਲ ਦੇਵ, ਗੁਰਮੀਤ ਸਾਜਨ ਅਤੇ ਹੋਰ ਵੀ ਪਾਲੀਵੁੱਡ ਦੇ ਕਈ ਸਿਤਾਰੇ। ਦਲਮੋਰਾ ਫਿਲਮਜ਼ ਪ੍ਰਾਈਵੇਟ ਲਿਮਿਟਡ ਦੁਆਰਾ ਪੇਸ਼ ਹੋਣ ਜਾ ਰਹੀ ਇਸ ਫ਼ਿਲਮ ਨੂੰ ਮਨਦੀਪ ਸਿੰਘ ਚਾਹਲ ਦੁਆਰਾ ਡਾਇਰੈਕਟ ਕੀਤਾ ਗਿਆ ਹੈ ਅਤੇ ਇਸ ਦੇ ਨਿਰਮਾਤਾ ਦਿਲਜੀਤ ਸਿੰਘ ਥਿੰਦ ਅਤੇ ਮੌਂਟੀ ਸਿੱਕਾ ਹਨ। ਫ਼ਿਲਮ ਨੂੰ ਆਪਣਾ ਮਿਊਜ਼ਿਕ ਦਿੱਤਾ ਹੈ ਜੈਦੇਵ ਕੁਮਾਰ ਨੇ ਅਤੇ ਕਹਾਣੀ ਨੂੰ ਅੰਜਲੀ ਖੁਰਾਣਾ ਦੁਆਰਾ ਲਿਖਿਆ ਗਿਆ ਹੈ।
‘ ਮੁੰਡਾ ਫਰੀਦਕੋਟੀਆ ‘ ਦੀ ਗੱਲ ਕਰੀਏ ਤਾਂ ਨਾਮ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫ਼ਿਲਮ ਦੀ ਕਹਾਣੀ ਫਰੀਦਕੋਟ ਸ਼ਹਿਰ ਤੇ ਅਧਾਰਿਤ ਹੈ। ਰੌਸ਼ਨ ਪ੍ਰਿੰਸ ਦੀ ਫ਼ਿਲਮ ‘ ਰਾਂਝਾ ਰੀਫਿਉਜੀ ‘ ਵਾਂਗ ਇਸ ਫ਼ਿਲਮ ਦੀ ਕਹਾਣੀ ਦਾ ਸੰਬੰਧ ਵੀ ਪਾਕਿਸਤਾਨ ਨਾਲ ਹੈ। ਹੋ ਸਕਦਾ ਇਹ ਫ਼ਿਲਮ ਇਕ ਮੁਸਲਮਾਨ ਦੀ ਜ਼ਿੰਦਗੀ ਤੇ ਫਿਲਮਾਈ ਗਈ ਹੋਵੇ। ਫਿਲਮ ਦੀ ਸ਼ੂਟਿੰਗ ਫਰੀਦਕੋਟ ਤੋਂ ਇਲਾਵਾ ਚੰਡੀਗੜ੍ਹ ਦੇ ਨਜ਼ਦੀਕ ਪੈਂਦੇ ਪਿੰਡਾਂ/ਸ਼ਹਿਰਾਂ ਵਿਚ ਵੀ ਕੀਤੀ ਗਈ ਹੈ। ਇਹ ਫ਼ਿਲਮ 5 ਅਪ੍ਰੈਲ 2019 ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ।
ਰੌਸ਼ਨ ਪ੍ਰਿੰਸ ਦੀ ਪਿਛਲੀ ਫਿਲਮ ‘ ਰਾਂਝਾ ਰੀਫਿਉਜੀ ‘ ਵਿਚ ਓਹਨਾ ਦੇ ਨਿਬਾਏ ਗਏ ਦੂਹਰੇ ਰੋਲ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ। ਹੁਣ ਦੇਖਦੇ ਹਾਂ ਇਸ ਫ਼ਿਲਮ ਰਾਹੀਂ ਉਹ ਦਰਸ਼ਕਾਂ ਲਈ ਕਿ ਨਵਾਂ ਲੈਕੇ ਆਉਂਦੇ ਹਨ। ‘ ਮੁੰਡਾ ਫਰੀਦਕੋਟੀਆ ‘ ਫ਼ਿਲਮ ਨੂੰ ਲੈ ਕੇ ਫਰੀਦਕੋਟ ਦੇ ਰਹਿਣ ਵਾਲੇ ਹਰ ਬਜ਼ੁਰਗ, ਨੌਜਵਾਨ ਵਿੱਚ ਤਾਂ ਉਤਸ਼ਾਹ ਦੇਖਣ ਨੂੰ ਮਿਲ ਹੀ ਰਿਹਾ ਹੈ ਉੱਥੇ ਹੀ ਰੌਸ਼ਨ ਪ੍ਰਿੰਸ ਦੇ ਫੈਨਜ਼ ਨੂੰ ਵੀ ਓਹਨਾ ਦੀ ਫ਼ਿਲਮ ਦੇ ਆਉਣ ਦਾ ਇੰਤਜ਼ਾਰ ਹੈ। ਸੋ ਆਸ ਕਰਦੇ ਹਾਂ ਕਿ 5 ਅਪ੍ਰੈਲ 2019 ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ‘ ਮੁੰਡਾ ਫਰੀਦਕੋਟੀਆ ‘ ਦਰਸ਼ਕਾਂ ਦੀਆ ਉਮੀਦਾਂ ਤੇ ਖ਼ਰੀ ਉਤਰੇਗੀ।