ਆਪਣਾ ਪਾਲੀਵੁੱਡ (ਐੱਚ ਐੱਸ ਧਾਲੀਵਾਲ) ਪੰਜਾਬੀ ਇੰਡਸਟਰੀ ਤੇ ਪੰਜਾਬੀ ਨੌਜਾਵਨਾਂ ਦੇ ਦਿਲਾਂ ਦੀ ਧੜਕਣ ‘ ਬੱਬੂ ਮਾਨ ‘ ਨੂੰ ਕੌਣ ਨਹੀਂ ਜਾਣਦਾ? ਓਹ ਅੱਜਕਲ ਦੀ ਨੌਜਵਾਨ ਪੀੜ੍ਹੀ ਲਈ ਪਸੰਦੀਦਾ ਸਖਸ਼ੀਅਤ ਵਜੋਂ ਜਾਣੇ ਜਾਂਦੇ ਹਨ। ਮਾਨ ਸਾਬ ਗਾਇਕੀ ਦੇ ਨਾਲ ਨਾਲ ਫ਼ਿਲਮਾਂ ਵਿੱਚ ਵੀ ਆਪਣੇ ਅੰਦਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਿੱਚ ਕਾਮਜਾਬ ਰਹਿੰਦੇ ਹਨ। ਫ਼ਿਲਮ ‘ ਬਾਜ਼ ‘ ਜੋ ਕਿ ਸੰਨ 2014 ਵਿੱਚ ਰੀਲੀਜ਼ ਹੋਈ ਸੀ ਤੋਂ ਬਾਅਦ ਓਹਨਾ ਦੀ ਨਵੀਂ ਫ਼ਿਲਮ ਜਿਸ ਦਾ ਓਹਨਾ ਦੇ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ‘ ਬਣਜਾਰਾ ‘ ਸਿਨੇਮਾਘਰਾਂ ਵਿੱਚ ਰੀਲੀਜ਼ ਹੋ ਚੁੱਕੀ ਹੈ।
ਫ਼ਿਲਮ ਦਾ ਟ੍ਰੇਲਰ ਕਾਫ਼ੀ ਦਿਨ ਪਹਿਲਾਂ ਰੀਲੀਜ਼ ਹੋ ਗਿਆ ਸੀ ਜਿਸ ਨੂੰ ਦੇਖਣ ਤੋਂ ਬਾਅਦ ਓਹਨਾ ਦੇ ਫੈਨਜ਼ ਵਿੱਚ ਫ਼ਿਲਮ ਨੂੰ ਦੇਖਣ ਦੀ ਉਤਸੁਕਤਾ ਵੱਧ ਗਈ ਸੀ।
ਦੂਹਰੀ ਭੂਮਿਕਾਂ ਤਾਂ ਅਕਸਰ ਹੀ ਫਿਲਮਾਂ ਵਿੱਚ ਦੇਖਣ ਨੂੰ ਮਿਲਦੀ ਹੈ ਪਰ ਇਸ ਫ਼ਿਲਮ ਵਿੱਚ ਬੱਬੂ ਮਾਨ ਨੇ ਤੀਹਰੀ ਭੂਮਿਕਾ ਦਾ ਰੋਲ ਨਿਭਾਇਆ ਹੈ ਜੋ ਕਿ ਤਿੰਨ ਪੀੜ੍ਹੀਆਂ ਦੇ ਰੂਪ ਵਿੱਚ ਸਾਹਮਣੇ ਆਇਆ ਹੈ ਅਤੇ ਇਹ “ਫ਼ਿਲਮ ਇੰਡਸਟਰੀ” ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲਿਆ। ਟਰੱਕਾਂ ਵਾਲਿਆਂ ਦੀ ਜ਼ਿੰਦਗੀ ਤੇ ਬਣਾਈ ਇਸ ਫ਼ਿਲਮ ਵਿੱਚ ਡਰਾਈਵਰਾਂ ਦੀ ਜ਼ਿੰਦਗੀ ਦੀ ਗੱਲ ਕੀਤੀ ਗਈ ਹੈ। ਫ਼ਿਲਮ ਵਿਚ ਸੰਨ 1947,1984 ਅਤੇ 21ਵੀਂ ਸਦੀ ਦੇ ਸਮੇਂ ਦੀ ਗੱਲ ਹੋਈ ਹੈ ਜਿਸ ਰਾਹੀਂ ਉਸ ਸਮੇਂ ਦੇ ਪੰਜਾਬ ਦੇ ਹਾਲਾਤਾਂ ਨੂੰ ਵੀ ਦਰਸਾਇਆ ਗਿਆ ਹੈ। ਦਾਦੇ,ਪੁੱਤ,ਪੋਤੇ ਦੀ ਤੀਹਰੀ ਭੂਮਿਕਾ ਵਿੱਚ ਪਿਆਰ ਅਤੇ ਰੋਮਾਂਸ ਦੀਆਂ ਕਹਾਣੀਆਂ ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਦਿਖਾਇਆ ਗਿਆ ਹੈ।
ਇਹ ਫ਼ਿਲਮ ਰਾਣਾ ਆਹਲੂਵਾਲੀਆ ਪ੍ਰੋਡਕਸ਼ਨ, ਮਾਨ ਫਿਲਮਜ਼, ਅਮੈਰੀਕਨ ਸਿਸਟਮ ਮੋਸ਼ਨ ਪਿਕਚਰਜ਼ ਅਤੇ ਓਹਰੀ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਹੈ। ਫ਼ਿਲਮ ਦੇ ਨਿਰਮਾਤਾ ਰਾਣਾ ਆਹਲੂਵਾਲੀਆ,ਬਾਬੂ ਸਿੰਘ ਮਾਨ ਅਤੇ ਹਰਜੀਤ ਮੰਡੇਰ ਹਨ ਅਤੇ ਇਸ ਦਾ ਨਿਰਦੇਸ਼ਨ ਮੁਸ਼ਤਾਕ ਪਾਸ਼ਾ ਵਲੋਂ ਕੀਤਾ ਗਿਆ ਹੈ। ਬੱਬੂ ਮਾਨ ਦੇ ਨਾਲ ਨਾਲ ਬਾਲੀਵੁੱਡ ਅਦਾਕਾਰਾ ਸ਼ਾਰਧਾ ਅਰਿਆ, ਜੀਆ ਮੁਤਸਫ਼ਾ,ਸਾਰਾ ਖੱਤਰੀ ਨੇ ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾੲੀ ਹੈ।ਹੋਰ ਅਦਾਕਾਰਾ ਦੀ ਗੱਲ ਕਰੀਏ ਤਾਂ ਰਾਣਾ ਰਣਬੀਰ, ਪ੍ਰਕਾਸ਼ ਗਾਧੂ, ਗੁਰਪ੍ਰੀਤ ਕੌਰ ਭੰਗੂ ਆਦਿ ਵੀ ਇਸ ਫ਼ਿਲਮ ਦਾ ਹਿੱਸਾ ਹਨ।
ਸੋ ਫ਼ਿਲਮ ‘ ਬਣਜਾਰਾ ‘ ਸਿਨੇਮਾਘਰਾਂ ‘ ਚ ਰੀਲੀਜ਼ ਹੋ ਚੁੱਕੀ ਹੈ ਤੇ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ।