ਰਿਦਮ ਬੁਆਏਜ਼ ਇੰਟਰਟੇਨਮੈਂਟ ਦੀ ਫ਼ਿਲਮ ‘ ਭੱਜੋ ਵੀਰੋ ਵੇ ‘ ਵਿੱਚ ਕੀ ਹੈ ਖਾਸ ?
ਆਪਣਾ ਪਾਲੀਵੁੱਡ (ਐੱਚ ਐੱਸ ਧਾਲੀਵਾਲ) ਰਿਦਮ ਬੁਆਏਜ਼ ਇੰਟਰਟੇਨਮੈਂਟ ਨਾਲ ਜੁੜੇ ਅੰਬਰਦੀਪ ਸਿੰਘ ਬਹੁਤ ਹੀ ਵਧੀਆ ਕਹਾਣੀਕਾਰ ਤੇ ਨਿਰਦੇਸ਼ਕ ਹਨ । ਅੱਜ ਕੱਲ੍ਹ ਦੇ ਦੌਰ ਵਿੱਚ ਫ਼ਿਲਮਾਂ ਦੀ ਗੱਲ ਕਰੀਏ ਤਾਂ ਅੰਬਰਦੀਪ ਦੁਆਰਾ ਲਿੱਖੀਆਂ ਕਹਾਣੀਆਂ ਕਾਫ਼ੀ ਸਾਫ਼ ਸੁਥਰੀਆਂ ਤੇ ਪਰਿਵਾਰਕ ਹੁੰਦੀਆਂ ਹਨ । ਅਕਸਰ ਹੀ ਇਹਨਾਂ ਦੀਆ ਫ਼ਿਲਮਾਂ ਵਿੱਚ ਕਾਮੇਡੀ ਆਮ ਹੀ ਦੇਖਣ ਨੂੰ ਮਿਲਦੀ ਹੈ। ਅੰਬਰ ਨੇ ਕਈ ਫਿਲਮਾਂ ਵਿਚ ਖੁਦ ਵੀ ਰੋਲ ਨਿਭਾਏ ਹਨ, ਜਿਹਨਾਂ ਨੂੰ ਦਰਸ਼ਕਾ ਨੇ ਕਾਫੀ ਪਸੰਦ ਕੀਤਾ। ਫਿਲਮ ‘ ਲੌਂਗ ਲਾਚੀ ‘ ਵਿੱਚਲੇ ਲੀਡ ਰੋਲ ਨੂੰ ਅੰਬਰ ਨੇ ਪੂਰੇ ਦਿਲ ਜਾਨ ਨਾਲ ਨਿਭਾਇਆ ਸੀ ਜਿਸ ਦਾ ਅੰਦਾਜ਼ਾ ਓਹਨਾ ਦੀ ਅਦਾਕਾਰੀ ਤੋਂ ਲਗਾ ਸਕਦੇ ਹੋ। ਏਸੇ ਅਦਾਕਾਰੀ ਨੂੰ ਕਾਇਮ ਰੱਖਦੇ ਆਪਣੀ ਨਵੀਂ ਫਿਲਮ ‘ ਭੱਜੋ ਵੀਰੋ ਵੇ ‘ ਦਰਸ਼ਕਾਂ ਵਿਚਕਾਰ ਲੈ ਕੇ ਆਉਣ ਲਈ ਤਿਆਰ ਹਨ ਅਤੇ ਇਹ ਫਿਲਮ 14 ਦਸੰਬਰ ਨੂੰ ਸਿਨੇਮਾਘਰਾਂ ਵਿਚ ਰਿਲੀਜ ਕੀਤੀ ਜਾ ਰਹੀ ਹੈ ।
ਇਸ ਫਿਲਮ ਨੂੰ ਰਿਦਮ ਬੁਆਏਜ਼ ਅਤੇ ਹੇਅਰ ਓਮਜੀ ਸਟੂਡੀਓਜ਼ ਵਲੋਂ ਪੇਸ਼ ਕੀਤਾ ਜਾਵੇਗਾ। ਰਿਦਮ ਬੁਆਏਜ਼ ਹਮੇਸ਼ਾ ਹੀ ਚੰਗੀਆਂ ਤੇ ਪਰਿਵਾਰਕ ਫਿ਼ਲਮ ਦਰਸ਼ਕਾਂ ਸਾਹਮਣੇ ਪੇਸ਼ ਕਰਦੇ ਆ ਰਹੇ ਹਨ। ਅੰਬਰਦੀਪ ਦੁਆਰਾ ਲਿਖੀ ਇਸ ਕਹਾਣੀ ਦਾ ਨਿਰਦੇਸ਼ਨ ਵੀ ਖੁਦ ਅੰਬਰਦੀਪ ਦੁਆਰਾ ਹੀ ਕੀਤਾ ਗਿਆ ਹੈ। ਫਿ਼ਲਮ ਵਿਚਲਾ ਮਿਊਜ਼ਿਕ ਜਤਿੰਦਰ ਸ਼ਾਹ ਵਲੋਂ ਦਿੱਤਾ ਗਿਆ ਹੈ। ‘ ਭੱਜੋ ਵੀਰੋ ਵੇ ‘ ਦੇ ਨਿਰਮਾਤਾ ਕਾਰਜ ਗਿੱਲ ਤੇ ਤਲਵਿੰਦਰ ਹੇਅਰ ਹਨ। ਇਸ ਫਿਲਮ ਵਿੱਚ ਅੰਬਰਦੀਪ ਤੋਂ ਇਲਾਵਾ ਸਿੰਮੀ ਚਾਹਲ, ਗੁੱਗੂ ਗਿੱਲ, ਨਿਰਮਲ ਰਿਸ਼ੀ, ਹੋਬੀ ਧਾਲੀਵਾਲ, ਯਾਦ ਗਰੇਵਾਲ, ਹਰਦੀਪ ਗਿੱਲ, ਬਲਵਿੰਦਰ ਬੁਲਟ ਅਤੇ ਸੁਖਵਿੰਦਰ ਰਾਜ ਨੇ ਵੀ ਭੂਮਿਕਾ ਨਿਭਾਈ ਹੈ ।
ਸਿੰਮੀ ਚਾਹਲ ਜੋ ਕਿ ਅੱਜ ਕੱਲ੍ਹ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਨਿਰਦੇਸ਼ਕਾ ਅਤੇ ਨਿਰਮਾਤਾ ਦੀ ਪਹਿਲੀ ਪਸੰਦ ਬਣ ਚੁੱਕੀ ਹੈ, ਇਸ ਫਿ਼ਲਮ ਵਿੱਚ ਵੀ ਆਪਣੇ ਭੋਲੇਪਣ ਦੇ ਅੰਦਾਜ਼ ਨਾਲ ਦਰਸ਼ਕਾਂ ਨੂੰ ਕਾਫ਼ੀ ਭੌਣਗੇ । ‘ ਭੱਜੋ ਵੀਰੋ ਵੇ ‘ ਫ਼ਿਲਮ ਵਿੱਚ ਸਿੰਮੀ ਦੇ ਕਿਰਦਾਰ ਦੀ ਗੱਲ ਕਰੀਏ ਤਾਂ ਉਹ ਇਕ ਪੜ੍ਹੀ ਲਿਖੀ ਕੁੜੀ ਦਾ ਕਿਰਦਾਰ ਨਿਭਾ ਰਹੇ ਨੇ ਜਿਸ ਨੂੰ ਦੇਖਣਾ ਦਿਲਚਸਪ ਹੋਵੇਗਾ । ਇਸ ਫ਼ਿਲਮ ਤੋਂ ਇਲਾਵਾ ਵੀ ਸਿੰਮੀ ਚਾਹਲ ਹੋਰ ਕਈ ਵੱਡੀਆ ਫ਼ਿਲਮਾਂ ਕਰ ਰਹੀ ਹੈ।
ਘੋੜੀਆਂ ਤੇ ਬੰਦੂਕਾਂ ਦੇ ਸ਼ੋਂਕੀ ਗੁੱਗੂ ਗਿੱਲ ਵੀ ਇਸ ਫ਼ਿਲਮ ਵਿੱਚ ਦਰਸ਼ਕਾਂ ਨੂੰ ਖਾਸ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਓਹਨਾ ਦੇ ਆਪਣੇ ਵੱਖਰੇ ਅੰਦਾਜ਼ ਤੇ ਰੋਹਬ ਨੇ ਦਰਸ਼ਕ ਪਹਿਲਾਂ ਤੋਂ ਹੀ ਕੀਲੇ ਹੋਏ ਹਨ ਤੇ ਇਸ ਫ਼ਿਲਮ ਵਿੱਚ ਵੀ ਉਹ ਆਪਣੇ ਰੋਹਬ ਤੇ ਟੌਹਰ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਅਦਾਕਾਰੀ ਦੀ ਛਾਪ ਛੱਡਣਗੇ।
‘ ਭੱਜੋ ਵੀਰੋ ਵੇ ‘ ਫ਼ਿਲਮ ਵਿਚਲੇ ਗਾਣਿਆਂ ਵਿੱਚੋਂ ਦੋ ਗਾਣੇ ਰੀਲੀਜ਼ ਹੋ ਚੁੱਕੇ ਹਨ ਜਿਹਨਾਂ ਵਿੱਚੋ ਪਹਿਲੇ ਰਿਲੀਜ਼ ਹੋਏ ਗਾਣੇ ‘ ਖ਼ਿਆਲ ‘ ਨੂੰ ਗੁਰਸ਼ਬਦ ਅਤੇ ਦੂਸਰੇ ਗਾਣੇ ‘ ਕਾਰ ਰੀਬਨਾਂ ਵਾਲੀ ‘ ਨੂੰ ਅਮਰਿੰਦਰ ਗਿੱਲ ਨੇ ਗਾਇਆ ਹੈ । ਫ਼ਿਲਮ ਦੇ ਬਾਕੀ ਗਾਣਿਆਂ ਦੀ ਗੱਲ ਕਰੀਏ ਤਾਂ ਓਹਨਾ ਵਿੱਚ ਸੁਰਿੰਦਰ ਸ਼ਿੰਦਾ, ਬੀਰ ਸਿੰਘ ਅਤੇ ਗੁਰਪ੍ਰੀਤ ਮਾਨ ਨੇ ਵੀ ਆਪਣੀ ਆਵਾਜ਼ ਦਿੱਤੀ ਹੈ । ਇਹਨਾਂ ਗਾਣਿਆਂ ਨੂੰ ਆਪਣੀ ਕਲਮ ਨਾਲ ਪਰੋਇਆ ਹੈ ਸੱਤਾ ਵਾਰੋਵਾਲੀਆ,ਬੀਰ ਸਿੰਘ ਅਤੇ ਦੇਵ ਥਾਰੀਕੇਵਾਲਾ ਨੇ।
ਫਿ਼ਲਮ ਦਾ ਟ੍ਰੇਲਰ ਕਾਫੀ਼ ਦਿਨ ਪਹਿਲਾਂ ਹੀ ਰਿਲੀਜ਼ ਹੋ ਚੁੱਕਾ ਹੈ। ਗੱਲ ਕਰੀਏ ਫ਼ਿਲਮ ਦੀ ਕਹਾਣੀ ਦੀ ਤਾਂ ਇਹ ਫ਼ਿਲਮ ਚਾਰ ਭਰਾਵਾਂ ਦੀ ਕਹਾਣੀ ਹੈ ਜਿਹਨਾਂ ਦਾ ਵਿਆਹ ਨਹੀਂ ਹੁੰਦਾ। ਸਾਰੇ ਓਹਨਾ ਨੂੰ ਛੜੇ ਕਹਿ ਕੇ ਬੁਲਾਉਂਦੇ ਹਨ। ਘਰ ਦੇ ਸਾਰੇ ਕੰਮ ਕਾਜ ਵੀ ਉਹ ਖੁਦ ਆਪ ਹੀ ਕਰਦੇ ਹਨ ਤੇ ਅਕਸਰ ਹੀ ਇਕ ਦੂਜੇ ਨੂੰ ਅਜਿਹਾ ਪ੍ਰਤੀਤ ਕਰਵਾਉਂਦੇ ਹਨ ਕਿ ਉਹ ਵਿਆਹੇ ਹੋਏ ਹਨ। ਇਕ ਅੌਰਤ ਦੀ ਅਹਿਮੀਅਤ ਨੂੰ ਚਾਰੋ ਭਰਾ ਕਾਫੀ ਚੰਗੀ ਤਰਾਂ ਨਾਲ ਸਮਝਦੇ ਹਨ। ਵਿਆਹ ਦੇ ਖਿਆਲਾਂ ਵਿੱਚ ਡੁੱਬੇ ਰਹਿੰਦੇ ਭਰਾਵਾਂ ਵਿੱਚੋਂ ਸੱਭ ਤੋਂ ਛੋਟੇ ਭਰਾ ( ਅੰਬਰਦੀਪ) ਨੂੰ ਇੱਕ ਕੁੜੀ ( ਸਿੰਮੀ ਚਾਹਲ) ਨਾਲ ਪਿਆਰ ਹੋ ਜਾਂਦਾ ਹੈ। ਪਿਆਰ ਨੂੰ ਵਿਆਹ ਤੱਕ ਪਹੁੰਚਾਉਣ ਦੀ ਇਸ ਕਹਾਣੀ ਵਿੱਚ ਅੰਬਰ ਨੂੰ ਕਾਫੀ ਮੁਸ਼ਕਿਲ ਭਰੇ ਰਾਸਤੇ ਵਿਚੋਂ ਗੁਜਰਨਾ ਪੈਂਦਾ ਹੈ। ਹੁਣ ਦੇਖਣਾ ਇਹ ਹੈ ਕਿ ਅੰਬਰ ਆਪਣੇ ਪਿਆਰ ਸਿੰਮੀ ਚਾਹਲ ਨੂੰ ਪਾਉਣ ਵਿੱਚ ਕਿੰਨਾ ਕੁ ਕਾਮਯਾਬ ਰਹਿਣਗੇ ਤੇ 14 ਦਸੰਬਰ ਨੂੰ ਆਪਣੇ ਵਿਆਹ ਦੇ ਲੱਡੂ ਖਵਾਉਂਗੇ ਜਾਂ ਨਹੀਂ ?