ਪੰਜਾਬੀ ਫ਼ਿਲਮ ਇੰਡਸਟਰੀ ਦਰਸ਼ਕਾਂ ਦੀ ਉਮੀਦਾਂ ਤੇ ਬਹੁਤ ਹੱਦ ਤੱਕ ਖ਼ਰੀ ਉਤਰ ਰਹੀ ਹੈ । ਆਏ ਦਿਨ ਨਵੇਂ ਸਿਰਲੇਖ ਤੇ ਨਵੇਂ ਸੰਕਲਪ ਨਾਲ ਦਰਸ਼ਕਾਂ ਨੂੰ ਫ਼ਿਲਮ ਦੇ ਰੂਪ ਵਿੱਚ ਇੱਕ ਨਵੀਂ ਕਹਾਣੀ ਤੇ ਵਧੀਆ ਸੰਦੇਸ਼ ਤਾਂ ਦਿੱਤਾ ਹੀ ਜਾਂਦਾ ਹੈ ਪਰ ਨਾਲ ਹੀ ਭੰਗੜੇ ਪਾਉਣ ਨੂੰ ਸੋਹਣੇ ਸੋਹਣੇ ਗਾਣੇ ਵੀ ਦਿੱਤੇ ਜਾਂਦੇ ਨੇ । ਵਿਆਹਾਂ ਦੇ ਚੱਲ ਰਹੇ ਇਹਨਾਂ ਦਿਨਾਂ ਵਿੱਚ ਹਰ ਕੋਈ ਰੋਮੈਂਟਿਕ ਤੇ ਭੰਗੜੇ ਵਾਲੇ ਗੀਤਾਂ ਤੇ ਨੱਚਣਾ ਪਸੰਦ ਕਰ ਰਿਹਾ । ਇਸੇ ਤਰਾਂ ਹੀ ਮਾਰਚ ਵਿੱਚ ਰਿਲੀਜ਼ ਹੋ ਰਹੀ ਫ਼ਿਲਮ ‘ ਗੁੱਡੀਆਂ ਪਟੋਲੇ ‘ ਵਲੋਂ ਦਰਸ਼ਕਾਂ ਦੇ ਨੱਚਣ ਕੁੱਦਣ, ਭੰਗੜੇ ਪਾਉਣ ਤੇ ਜੋੜਿਆ ਦੇ ਰੋਮਾਂਸ ਲਈ ਫ਼ਿਲਮ ਦਾ ਪਹਿਲਾ ਗਾਣਾ ਜੋ ਕਿ ਟਾਈਟਲ ਟਰੈਕ ਹੈ, ਰਿਲੀਜ਼ ਕਰ ਦਿੱਤਾ ਗਿਆ ਹੈ ।
‘ ਵਿਲੇਜ਼ਰ ਫ਼ਿਲਮ ਸਟੂਡੀਓ ‘ ਦੀ ਪੇਸ਼ ਕੀਤੀ ਫ਼ਿਲਮ ‘ ਗੁੱਡੀਆਂ ਪਟੋਲੇ ‘ ਦੇ ਇਸ ਟਾਈਟਲ ਟਰੈਕ ਦੀ ਸ਼ੁਰੂਆਤ ਹੁੰਦੀ ਹੈ ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਦੀਆ ਪਿਆਰ ਭਰੀਆਂ ਗੱਲਾਂ ਨਾਲ ਜਿਹਨਾਂ ਨੂੰ ਸੁਣ ਕੇ ‘ ਗੁੱਡੀਆਂ ਪਟੋਲੇ ‘ ਗਾਣੇ ਨੂੰ ਸੁਣਨ ਦੀ ਉਤਸੁਕਤਾ ਤਾਂ ਵੱਧਦੀ ਹੀ ਹੈ, ਨਾਲ ਨਾਲ ਇਸ ਫ਼ਿਲਮ ਨੂੰ ਸਿਨੇਮਾਘਰਾਂ ਵਿੱਚ ਦੇਖਣ ਦੀ ਦਿਲਚਸਪੀ ਵੀ ਹੋਰ ਵੱਧ ਜਾਂਦੀ ਹੈ । ਗੁਰਨਾਮ ਭੁੱਲਰ ਗਾਣੇ ਦੀ ਸ਼ੁਰੂਆਤ ਵਿੱਚ ਹੀ ਸੋਨਮ ਬਾਜਵਾ ਤੋਂ ਸ਼ਰਮਾਉਂਦੇ ਨਜ਼ਰ ਆ ਰਹੇ ਨੇ ਜਦ ਕਿ ਸੋਨਮ ਬਾਜਵਾ ਆਪਣੇ ਪਿਆਰ ਭਰੇ ਲਹਿਜੇ ਨਾਲ ਗੁਰਨਾਮ ਭੁੱਲਰ ਨੂੰ ਮਿੱਠੇ ਮਿੱਠੇ ਤਾਹਨੇ ਮਾਰਦੇ ਨਜ਼ਰ ਆ ਰਹੇ ਹਨ ਜੋ ਇਸ ਗਾਣੇ ਦੀ ਖੂਬਸੂਰਤੀ ਨੂੰ ਵਧਾ ਰਹੇ ਹਨ । ਗਾਣੇ ਵਿੱਚ ਪਿਆਰ ਦੇ ਇਜ਼ਹਾਰ ਦੇ ਨਾਲ ਨਾਲ ਇੱਕ ਦੂਜੇ ਉਤਲੇ ਜਤਾਏ ਹੱਕ ਨੂੰ ਵੀ ਦਰਸਾਇਆ ਗਿਆ ਹੈ ।
‘ ਗੁੱਡੀਆਂ ਪਟੋਲੇ ‘ ਗਾਣੇ ਨੂੰ ਗੁਰਨਾਮ ਭੁੱਲਰ ਦੁਵਾਰਾ ਲਿਖਿਆ ਤੇ ਗਾਇਆ ਗਿਆ ਹੈ । ਇਸ ਗਾਣੇ ਦਾ ਮਿਊਜ਼ਿਕ ‘ ਵੀ ਰਾਕਸ ਮਿਊਜ਼ਿਕ ‘ ਵਲੋਂ ਦਿੱਤਾ ਗਿਆ ਹੈ । ਐਮੀ ਵਿਰਕ ਦੀ ਪ੍ਰੋਡਕਸ਼ਨ ‘ ਵਿਲੇਜ਼ਰ ਫ਼ਿਲਮ ਸਟੂਡੀਓ ‘ ਦੀ ਇਸ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਭਗਵੰਤ ਵਿਰਕ ਤੇ ਨਵ ਵਿਰਕ ਜਿਸ ਨੂੰ ਵਿਜੈ ਕੁਮਾਰ ਅਰੋੜਾ ਵਲੋਂ ਡਾਇਰੈਕਟ ਕੀਤਾ ਗਿਆ ਹੈ । ਇਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਗਾਣਾ ਪਹਿਲਾਂ 15 ਫਰਵਰੀ ਨੂੰ ਰਿਲੀਜ਼ ਕੀਤਾ ਜਾਣਾ ਸੀ ਪਰ ਪੁਲਵਾਮਾ ਅਟੈਕ ਕਾਰਨ ਟੀਮ ਵਲੋਂ ਇਸ ਨੂੰ ਅਨਿਸ਼ਚਿਤ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ ਜਿਸ ਨੂੰ ਅੱਜ 18 ਫਰਵਰੀ ਨੂੰ ਰਿਲੀਜ਼ ਕੀਤਾ ਗਿਆ ਹੈ । 8 ਮਾਰਚ 2019 ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ‘ ਗੁੱਡੀਆਂ ਪਟੋਲੇ ‘ ਦੇ ਇਸ ਗਾਣੇ ਤੋਂ ਬਾਅਦ ਹੁਣ ਇਸ ਫ਼ਿਲਮ ਦੇ ਟ੍ਰੇਲਰ ਦਾ ਇੰਤਜ਼ਾਰ ਹੈ ਜੋ ਕਿ ਜਲਦ ਰਿਲੀਜ਼ ਕਰ ਦਿੱਤਾ ਜਾਵੇਗਾ । ਓਦੋ ਤੱਕ ਤੁਸੀਂ ਇਸ ਗਾਣੇ ਨੂੰ ਤੇ ਨਵੀਂ ਜੋੜੀ ਨੂੰ ਇੰਜੁਆਏ ਕਰੋ ।